
ਜਲੰਧਰ–ਪਠਾਨਕੋਟ (ਐੱਨ.ਐੱਨ.ਟੀ. ਨੈਟਵਰਕ) ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਦੇਰ ਰਾਤ ਸੰਘਣੀ ਧੁੰਦ ਕਾਰਨ ਇੱਕ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਘਣੀ ਧੁੰਦ ਕਾਰਨ ਦ੍ਰਿਸ਼ਟਤਾ ਘੱਟ ਹੋਣ ਨਾਲ ਕਾਰ ਡਿਵਾਈਡਰ ’ਤੇ ਜਾ ਚੜੀ, ਜਿਸ ਨਾਲ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਾ, ਹਾਲਾਂਕਿ ਇਸ ਹਾਦਸੇ ਦੌਰਾਨ ਚਾਲਕ ਦਾ ਬਾਲ-ਬਾਲ ਬਚਾਅ ਹੋ ਗਿਆ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕਰੀਬ 10 ਵਜੇ ਸੂਚਨਾ ਮਿਲੀ ਕਿ ਅੱਡਾ ਬਿਆਸ ਪਿੰਡ ਨਜ਼ਦੀਕ ਇੱਕ ਢਾਬੇ ਦੇ ਸਾਹਮਣੇ ਇੱਕ ਕਾਰ ਡਿਵਾਈਡਰ ’ਤੇ ਚੜਨ ਕਾਰਨ ਹਾਦਸਾ ਗ੍ਰਸਤ ਹੋ ਗਈ ਹੈ। ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ।
ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਸਵਿਫਟ ਕਾਰ ਨੰਬਰ ਐਚਆਰ 02 ਏਈ 1771 ਨੂੰ ਅੰਕਿਤ ਪੁੱਤਰ ਰਾਮ ਸਿੰਘ, ਵਾਸੀ ਉੱਤਮ ਵਾਲਾ, ਜ਼ਿਲ੍ਹਾ ਯਮੁਨਾ ਨਗਰ (ਹਰਿਆਣਾ) ਚਲਾ ਰਿਹਾ ਸੀ। ਕਾਰ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਸੀ। ਜਦੋਂ ਕਾਰ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਪਹੁੰਚੀ ਤਾਂ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਸੜਕ ਦਾ ਡਿਵਾਈਡਰ ਸਪਸ਼ਟ ਨਹੀਂ ਦਿੱਸਿਆ ਅਤੇ ਕਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ ਉੱਤੇ ਜਾ ਚੜੀ।
ਹਾਦਸੇ ਦੌਰਾਨ ਕਾਰ ਦਾ ਅਗਲਾ ਟਾਇਰ ਫਟ ਗਿਆ ਅਤੇ ਅਲਾਏ ਵੀਲ ਵੀ ਟੁੱਟ ਗਿਆ, ਜਿਸ ਕਾਰਨ ਕਾਰ ਪੂਰੀ ਤਰ੍ਹਾਂ ਚੱਲਣ ਯੋਗ ਨਹੀਂ ਰਹੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਚਾਲਕ ਸੁਰੱਖਿਅਤ ਰਿਹਾ।
ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ’ਤੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਇਆ ਗਿਆ ਅਤੇ ਹਾਦਸਾ ਗ੍ਰਸਤ ਕਾਰ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਟੋਹ ਕਰਕੇ ਸੁਰੱਖਿਅਤ ਥਾਂ ’ਤੇ ਜਲੰਧਰ ਭੇਜਿਆ ਗਿਆ। ਏਐਸਆਈ ਰਣਧੀਰ ਸਿੰਘ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਸੰਘਣੀ ਧੁੰਦ ਦੇ ਮੌਸਮ ਦੌਰਾਨ ਰਫ਼ਤਾਰ ਹੌਲੀ ਰੱਖਣ, ਫਾਗ ਲਾਈਟਾਂ ਦੀ ਵਰਤੋਂ ਕਰਨ ਅਤੇ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
