ਬਰਨਾਲਾ ਲਾਠੀਚਾਰਜ ਮਾਮਲਾ: ਵਾਲਮੀਕਿ ਭਾਈਚਾਰੇ ਦੇ ‘ਪੰਜਾਬ ਬੰਦ’ ਦੇ ਸੱਦੇ ‘ਤੇ ਦੋਆਬੇ ‘ਚ ਚੱਕਾ ਜਾਮ, ਸਕੂਲ-ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ

ਜਲੰਧਰ / ਨੈਸ਼ਨਲ ਨਿਊਜ਼ ਟਾਈਮਜ਼ ਨੈੱਟਵਰਕ :

ਬਰਨਾਲਾ ਵਿਖੇ ਬੀਤੇ ਦਿਨੀਂ ਸਫ਼ਾਈ ਸੇਵਕਾਂ ’ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਸੋਮਵਾਰ ਨੂੰ ਪੂਰੇ ਦੋਆਬਾ ਖੇਤਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਭਾਈਚਾਰੇ ਦੇ ਆਗੂਆਂ ਵੱਲੋਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਖੇਤਰ ਵਿੱਚ ਪੂਰੀ ਤਰ੍ਹਾਂ ਬੰਦ ਵਰਗੀ ਸਥਿਤੀ ਬਣੀ ਰਹੀ।

ਜਲੰਧਰ ਵਿੱਚ ਭਾਈਚਾਰਕ ਆਗੂ ਵਿਪਨ ਸਭਰਵਾਲ ਦੀ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਇਸ ਪੁਲੀਸ ਕਾਰਵਾਈ ਲਈ ਜ਼ਿੰਮੇਵਾਰ ਡੀ.ਐੱਸ.ਪੀ. ਸਤਬੀਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਉਕਤ ਡੀ.ਐੱਸ.ਪੀ. ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਮੁਅੱਤਲ (ਸਸਪੈਂਡ) ਕੀਤਾ ਜਾ ਚੁੱਕਾ ਹੈ।

ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਕੈਮਬ੍ਰਿਜ ਇਨੋਵੇਟਿਵ ਸਕੂਲ, ਇਨੋਸੈਂਟ ਹਾਰਟਸ ਸਕੂਲ, ਡਿਪਸ ਸਕੂਲ ਅਤੇ ਐੱਮ.ਜੀ.ਐੱਨ. ਸਕੂਲ ਸਮੇਤ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਐਤਵਾਰ ਰਾਤ ਨੂੰ ਹੀ ਮਾਪਿਆਂ ਨੂੰ ਮੈਸੇਜ ਭੇਜ ਕੇ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ ਅਤੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਹਦਾਇਤ ਕੀਤੀ ਸੀ।

ਦੋਆਬੇ ਦੇ ਜ਼ਿਲ੍ਹਿਆਂ—ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਵਾਲਮੀਕਿ ਭਾਈਚਾਰੇ ਦੀ ਵਧੀਆ ਗਿਣਤੀ ਹੋਣ ਕਰਕੇ ਬੰਦ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਇਸੇ ਖੇਤਰ ਵਿੱਚ ਦੇਖਣ ਨੂੰ ਮਿਲਿਆ। ਮੌਜੂਦਾ ਸਥਿਤੀ ਨੂੰ ਦੇਖਦਿਆਂ ਅਮਨ-ਕਾਨੂੰਨ ਬਣਾਏ ਰੱਖਣ ਲਈ ਪੁਲੀਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਅਤੇ ਹਾਈ ਅਲਰਟ ’ਤੇ ਹੈ।

Related posts

Leave a Comment