ਅਸੀਂ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ 23/06/202623/06/2026 Admin ਸੰਪਾਦਕੀ ਪੰਜਾਬ ਦਾ ਮੌਜੂਦਾ ਸਿਆਸੀ ਤੇ ਧਾਰਮਿਕ ਮਾਹੌਲ ਰੌਲ਼ਿਆਂ-ਘਚੌਲਿਆਂ ਦੀ ਬੁਰੀ ਸਥਿਤੀ ’ਚ ਉਲਝ ਚੁੱਕਾ ਹੈ। ਕਿਤੇ ਸਿਆਸਤ ਦੀਆਂ ਕਥਿਤ ‘ਸਾਜ਼ਿਸ਼ਾਂ’ ਨਜ਼ਰ ਆਉਂਦੀਆਂ ਹਨ ਤੇ ਕਿਤੇ ਧਾਰਮਿਕ ਸੰਦਰਭ ਆਪਣੀਆਂ ਜੜ੍ਹਾਂ ਤੋਂ ਹਿੱਲਦੇ ਨਜ਼ਰ ਆਉਂਦੇ ਹਨ। ਸਿਆਸੀ ਤੇ ਧਾਰਮਿਕ ਪਿੜਾਂ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਨੂੰ ਜਦੋਂ ਸੋਸ਼ਲ ਮੀਡੀਆ ਦਾ ਮਸਾਲਾ ਲੱਗਦਾ ਹੈ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਇਸ ਵੇਲੇ ਜੋ ਤਾਣੀ ਉਲਝ ਗਈ ਹੈ, ਉਸ ਦੇ ਭਵਿੱਖ ’ਚ ਸੌਖਿਆਂ ਕਿਤੇ ਸੁਲਝਣ ਦੇ ਆਸਾਰ ਨਹੀਂ ਬਣਨਗੇ। ਸਿਆਸਤ ’ਚ ਨੌਜਵਾਨਾਂ ਦੇ ‘ਹੀਰੋ’ ਮੰਨੇ ਜਾਣ ਵਾਲੇ ਚਿਹਰਿਆਂ ’ਤੇ ਜਦੋਂ ਕੋਈ ਦਾਗ਼ ਲੱਗਦਾ ਹੈ ਤਾਂ ਇਕ ਵਾਰ ਮਨ ਜ਼ਰੂਰ ਖੱਟਾ ਹੋ ਜਾਂਦਾ ਹੈ। ਦੂਜੇ ਪਾਸੇ ਜਦੋਂ ਕਿਸੇ ਧਾਰਮਿਕ ਸੰਸਥਾ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਾਂ ਦੀ ਪੜਚੋਲ ਕੀਤੀ ਜਾਂਦੀ ਹੈ ਤਾਂ ਉਸ ਦੇ ਅਰਥ ਵੀ ਸਿਆਸਤ ਵੱਲ ਨੂੰ ਤੁਰਦੇ ਲੱਗਦੇ ਹਨ। ਪੰਜਾਬ ਦੀ ਇਹ ਸਥਿਤੀ ਕੋਈ ਹੁਣ ਦੀ ਨਹੀਂ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇਸ ਦੇ ਗੰਭੀਰ ਤੇ ਅਸਲ ਮੁੱਦਿਆਂ ਦੀਆਂ ਤੰਦਾਂ ਬੁਰੀ ਤਰ੍ਹਾਂ ਪੀੜੀਆਂ ਗਈਆਂ ਹਨ। ਨਸ਼ਾ, ਬੇਰੁਜ਼ਗਾਰੀ ਦੀ ਮਾਰ ਕਾਰਨ ਵਿਦੇਸ਼ਾਂ ਵੱਲ ਭੱਜਦੀ ਜਵਾਨੀ, ਆਪਣੇ ਪਾਣੀਆਂ ਦਾ ਹੱਕ, ਗਵਾਂਢੀ ਮੁਲਕਾਂ ਦੀਆਂ ਗੜਬੜੀਆਂ ਕਾਰਨ ਤਸ਼ੱਦਦ ਝੱਲਦੇ ਸਰਹੱਦੀ ਇਲਾਕਿਆਂ ਦੇ ਲੋਕ, ਹਰੇਕ ਸਾਲ ਹੜ੍ਹਾਂ ’ਚ ਡੁੱਬਦੇ ਕੁਝ ਇਲਾਕਿਆਂ ਦੀ ਤਰਸਯੋਗ ਹਾਲਤ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਾਰਨ ਵਲੂੰਧਰੇ ਜਾਂਦੇ ਲੋਕਾਂ ਦੇ ਹਿਰਦੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ’ਚ ਪੱਛੜਦੀਆਂ ਸਰਕਾਰਾਂ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਅਤੇ ਅੰਨ੍ਹੇਵਾਹ ਇੱਕੋ ਫ਼ਸਲ ਦੀ ਬਿਜਾਈ ਕਾਰਨ ਜ਼ਮੀਨੀ ਪਾਣੀ ਦੀ ਮੌਜੂਦਾ ਸਥਿਤੀ ਸਣੇ ਅਜਿਹੇ ਕਈ ਮੁੱਦੇ ਹਨ, ਜੋ ਹੱਲ ਹੋਣ ਦੀ ਆਸ ’ਚ ਲਟਕੇ ਹੋਏ ਹਨ। ਪੰਜਾਬ ਨੂੰ ਮੁਲਕ ਦੇ ਦੂਜੇ ਸੂਬਿਆਂ ਨਾਲੋਂ ਆਰਥਿਕ ਤੇ ਅਗਾਂਵਧੂ ਸੋਚ ਦੇ ਲਿਹਾਜ਼ ਨਾਲ ਸਮਰੱਥ ਮੰਨਿਆ ਜਾਂਦਾ ਹੈ। ਮੁਲਕ ਨੂੰ ਆਜ਼ਾਦ ਕਰਵਾਉਣ ਤੇ ਇਸ ਦਾ ਅਨਾਜ ਨਾਲ ਢਿੱਡ ਭਰਨ ਲਈ ਪੰਜਾਬ ਨੇ ਅੱਗੇ ਆ ਕੇ ਅਹਿਮ ਰੋਲ ਅਦਾ ਕੀਤੇ ਹਨ। ਪੰਜਾਬ ਦੀ ਪਰਿਭਾਸ਼ਾ ਦੇਣ ਲੱਗਿਆਂ ਹਰ ਵਾਰ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ‘ਅਸੀਂ ਗੁਰੂਆਂ-ਪੀਰਾਂ, ਪੈਗੰਬਰਾਂ, ਸਾਰੇ ਧਰਮਾਂ ਦੀ ਰਾਖੀ ਤੇ ਸਤਿਕਾਰ ਕਰਨ ਵਾਲੇ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ’ ਪਰ ਇਸ ਵੇਲੇ ਅਜਿਹਾ ਲੱਗ ਹੈ ਕਿ ਪੰਜਾਬ ਆਪਣੇ ਹੋਰ ਹੀ ਅਰਥ ਸਿਰਜ ਰਿਹਾ ਹੈ। ਲੋਕ ਬਦਲਾਅ ਦੀ ਸਰਕਾਰ ਅਤੇ ਮੁਫ਼ਤ ਦੀਆਂ ਗਰੰਟੀਆਂ ਤੇ ਭਰੋਸਾ ਵੀ ਆਪਣੇ ਪਿਛਲੇ ਸਿਆਸੀ ਤਜਰਬਿਆਂ ਕਰਕੇ ਹੀ ਕਰ ਰਹੇ ਹਨ। ਕਿਤੇ ਨਾ ਕਿਤੇ ਇਹ ਮਾਨਸਿਕਤਾ ਬਣ ਰਹੀ ਹੈ ਕਿ ਸਰਕਾਰਾਂ ਤੋਂ ‘ਜੋ ਮਿਲਦਾ ਹੈ, ਉਹ ਤਾਂ ਲੈ ਲਈਏ।’ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਣਕਾਰੀਆਂ ਦਾ ਇੰਨਾ ਪ੍ਰਵਾਹ ਹੈ ਕਿ ਉਨ੍ਹਾਂ ’ਚ ‘ਸੱਚੀਆਂ’ ਤੇ ‘ਝੂਠੀਆਂ’ ਕਿਹੜੀਆਂ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਕੰਮ ਹੈ। ਨੌਜਵਾਨੀ ਆਪਣਾ ਹੀਰੋ ਲੱਭਦੀ ਕਿਸੇ ’ਤੇ ਵੀ ਭਰੋਸਾ ਕਰਨ ਦੇ ਰਾਹ ਪੈ ਰਹੀ ਹੈ। ਲੱਭੇ ਹੋਏ ਆਗੂਆਂ ਪ੍ਰਤੀ ਵੀ ਉਨ੍ਹਾਂ ਦੀ ਬੇਭਰੋਸਗੀ ਪਿੱਛਾ ਨਹੀਂ ਛੱਡ ਰਹੀ। ਇੱਥੇ ਜਵਾਨੀ ਦਾ ਕਸੂਰ ਨਹੀਂ ਹੈ, ਉਨ੍ਹਾਂ ਦੁਆਲੇ ਸਿਆਸੀ, ਧਾਰਮਿਕ ਤੇ ਸਮਾਜਿਕ ਮਾਹੌਲ ਹੀ ਇੰਨੇ ਰੌਲ਼ੇ-ਘਚੌਲੇ ਵਾਲਾ ਸਿਰਜਿਆ ਜਾ ਰਿਹਾ ਹੈ ਕਿ ਭਵਿੱਖ ਹਨੇਰੇ ’ਚ ਨਜ਼ਰ ਆ ਰਿਹਾ ਹੈ। ਇਸ ਵੇਲੇ ਪੰਜਾਬ ਨੂੰ ਸਹੀ ਮਾਅਨਿਆਂ ’ਚ ਅਜਿਹੀ ਦੁਚਿੱਤੀ ਵਾਲੀ ਸਥਿਤੀ ’ਚੋਂ ਬਾਹਰ ਕੱਢਣ ਦੀ ਲੋੜ ਹੈ। ਪੰਜਾਬ ਦੇ ਬੁੱਧੀਜੀਵੀ ਵਰਗ ਦੀ ਅਜਿਹੇ ਸਮੇਂ ’ਚ ਜ਼ਿੰਮੇਦਾਰੀ ਵੱਧ ਹੈ। ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਆਪਣੇ ਦਾਇਰੇ ਮਿੱਥ ਕੇ ਕਾਰਜਸ਼ੀਲ ਹੋਣ ਦੀ ਲੋੜ ਹੈ। ਪੰਜਾਬ ਨੂੰ ਬੇਲੋੜੇ ਵਿਚਾਰਕ ਮਤਭੇਦਾਂ, ਨੌਜਵਾਨਾਂ ਨੂੰ ਸਹੀ ਸੇਧ ਅਤੇ ਸਿਆਸੀ ਝਾਕਾਂ ਰੱਖਣ ਵਾਲਿਆਂ ਤੋਂ ਨਿਜ਼ਾਤ ਦੇਣ ਦੀ ਫ਼ੌਰੀ ਲੋੜ ਹੈ।