ਐੱਨ.ਐੱਨ.ਟੀ.ਐੱਨ, ਪੰਜਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕਸ ਵਿੱਚ ਸ਼ਾਮਲ ਹੁੰਦਿਆਂ ਖੇਡਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਭ ਤੋਂ ਘਾਤਕ ਹਥਿਆਰ ਐਲਾਨਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜਾਬ ਦੇ ਬਜਟ ਵਿੱਚ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲਿਜਾਣ ਲਈ ਠੋਸ ਯਤਨ ਕੀਤੇ ਜਾਣਗੇ। ਇਹ ਦੱਸਦਿਆਂ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਬੰਦ ਕੀਤੀਆਂ ਗਈਆਂ ਬੈਲ ਗੱਡੀਆਂ ਦੀਆਂ ਦੌੜਾਂ ਹੁਣ ਕਾਨੂੰਨ ਵਿੱਚ ਸੋਧ ਉਪਰੰਤ ਮੁੜ ਸ਼ੁਰੂ ਹੋ ਗਈਆਂ ਹਨ, ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬੱਚੇ ਮੈਦਾਨ ਵਿੱਚ ਪਸੀਨਾ ਵਹਾਉਣਗੇ ਅਤੇ ਘਰਾਂ ਨੂੰ ਤਗਮੇ ਲਿਆਉਣਗੇ ਤਾਂ ਕਿਸੇ ਵੀ ਨਸ਼ਾ ਵਿਰੋਧੀ ਮੁਹਿੰਮ ਦੀ ਲੋੜ ਨਹੀਂ ਰਹੇਗੀ।
ਕਿਲਾ ਰਾਏਪੁਰ ਖੇਡਾਂ ਦੀ ਪੁਨਰ ਸੁਰਜੀਤੀ ਨੂੰ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਦੱਸਦਿਆਂ, ਮੁੱਖ ਮੰਤਰੀ ਨੇ ਨਵੀਂ ਖੇਡ ਨੀਤੀ 2023 ਨੂੰ ਸੂਬੇ ਦੀਆਂ ਖੇਡਾਂ ਦੀ ਸ਼ਾਨ ਨੂੰ ਬਹਾਲ ਕਰਨ ਵੱਲ ਇੱਕ ਅਹਿਮ ਕਦਮ ਦੱਸਿਆ ਜਿਸ ਤਹਿਤ ਹਰ ਪਿੰਡ ਵਿੱਚ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਲਾ ਰਾਏਪੁਰ ਵਿੱਚ ਅੱਠ ਏਕੜ ਵਿੱਚ ਫੈਲੇ ਛੱਪੜ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਇੱਕ ਆਧੁਨਿਕ ਲਾਇਬ੍ਰੇਰੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਲੁੱਟ-ਖਸੁੱਟ ਦੀ ਲੀਕੇਜ ਨੂੰ ਬੰਦ ਕਰ ਰਹੇ ਹਾਂ, ਜਿਸ ਨਾਲ ਜਨਤਾ ਦਾ ਪੈਸਾ ਬਚਾਇਆ ਜਾ ਰਿਹਾ ਹੈ ਅਤੇ ਇਸ ਨੂੰ ਸਿੱਧਾ ਲੋਕਾਂ ‘ਤੇ ਖਰਚ ਕੀਤਾ ਜਾ ਰਿਹਾ ਹੈ।
ਅਸੀਂ ਕਾਨੂੰਨ ਵਿੱਚ ਸੋਧ ਕਰਕੇ ਮੁੜ ਸ਼ੁਰੂ ਕੀਤਾ : ਭਗਵੰਤ ਸਿੰਘ ਮਾਨ
